ਫ਼ੈੱਡਐਕਸ ਕਾਰਪੋਰੇਸ਼ਨ ਨੇ 2040 ਤਕ ਪੂਰੀ ਦੁਨੀਆਂ ‘ਚ ਆਪਣੀਆਂ ਗੱਡੀਆਂ ਨੂੰ ਕਾਰਬਨ ਮੁਕਤ ਕਰਨ ਦੀ ਯੋਜਨਾ ਬਣਾ ਲਈ ਹੈ।

ਫ਼ੈੱਡਐਕਸ ਬਰਾਈਟਡਰੌਪ ਈ.ਵੀ.600 ਦੇ ਪਹਿਲੇ ਪ੍ਰਯੋਗਕਰਤਾਵਾਂ ‘ਚੋਂ ਇੱਕ ਬਣਨ ਜਾ ਰਿਹਾ ਹੈ। (ਤਸਵੀਰ: ਜਨਰਲ ਮੋਟਰਸ)
ਇਸ ਟੀਚੇ ਨੂੰ ਸਰ ਕਰਨ ਲਈ ਕੰਪਨੀ ਤਿੰਨ ਖੇਤਰਾਂ ‘ਚ 2 ਅਰਬ ਡਾਲਰ ਤੋਂ ਵੱਧ ਦਾ ਖ਼ਰਚਾ ਕਰੇਗੀ : ਗੱਡੀਆਂ ਦੇ ਬਿਜਲਈਕਰਨ, ਟਿਕਾਊ ਊਰਜਾ, ਅਤੇ ਕਾਰਬਨ ਸੋਖਣਾ।
ਇਸ ਯੋਜਨਾ ਦੇ ਹਿੱਸੇ ਵਜੋਂ ਫ਼ੈਡਐਕਸ ਕੁਦਰਤੀ ਕਾਰਬਨ ਇਕੱਠਾ ਕਰਨ ਲਈ ਯੇਲ ਯੂਨੀਵਰਸਿਟੀ ਕੇਂਦਰ ਦੀ ਉਸਾਰੀ ਲਈ 100 ਮਿਲੀਅਨ ਡਾਲਰ ਦਾ ਖ਼ਰਚਾ ਕਰ ਰਿਹਾ ਹੈ। ਇਹ ਕੇਂਦਰ ਕਾਰਬਨ ਸੋਖਣ ਦੇ ਤਰੀਕਿਆਂ ਬਾਰੇ ਖੋਜ ਕਰੇਗਾ, ਜਿਸ ਦਾ ਪਹਿਲਾ ਮੰਤਵ ਮੌਜੂਦਾ ਉਤਸਰਜਨ ਦੇ ਬਰਾਬਰ ਗਰੀਨ ਹਾਊਸ ਗੈਸਾਂ ਨੂੰ ਘੱਟ ਕਰਨ ‘ਚ ਮੱਦਦ ਕਰਨਾ ਹੋਵੇਗਾ।
ਕੰਪਨੀ ਦੇ ਪ੍ਰਮੁੱਖ ਮਾਰਕੀਟਿੰਗ ਅਤੇ ਸੰਚਾਰ ਅਫ਼ਸਰ ਬ੍ਰੀ ਕੈਰੀਰੀ ਨੇ ਮੀਡੀਆ ਸਾਹਮਣੇ ਇਸ ਐਲਾਨ ਦੌਰਾਨ ਕਿਹਾ, ”ਸਾਡੇ ਕਾਰੋਬਾਰ ਦਾ ਭਵਿੱਖ ਵਾਤਾਵਰਣ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਹ ਸਾਡੀ ਕੇਂਦਰੀ ਕਾਰੋਬਾਰ ਰਣਨੀਤੀ ਦਾ ਨਾਜ਼ੁਕ ਹਿੱਸਾ ਹੈ।”
ਫ਼ੈਡਐਕਸ ਇਸ ਵੇਲੇ 200,000 ਮੋਟਰ ਗੱਡੀਆਂ, 680 ਹਵਾਈ ਜਹਾਜ਼ ਅਤੇ 5,000 ਫ਼ੈਸਿਲਿਟੀਜ਼ ਨੂੰ ਚਲਾਉਂਦਾ ਹੈ।
ਬਿਜਲਈਕਰਨ ‘ਚ ਤੇਜ਼ ਵਾਧਾ
ਯੋਜਨਾ ਹੇਠ ਪੂਰੀ ਫ਼ੈਡਐਕਸ ਪਾਰਸਲ ਪਿਕਅੱਪ ਅਤੇ ਡਿਲੀਵਰੀ (ਪੀ.ਯੂ.ਡੀ.) ਫ਼ਲੀਟ ਨੂੰ 2040 ਤਕ ਸਿਫ਼ਰ ਉਤਸਰਜਨ ਇਲੈਕਟ੍ਰਿਕ ਵਹੀਕਲ ਗੱਡੀਆਂ ਵਾਲਾ ਬਣਾ ਦਿੱਤਾ ਜਾਵੇਗਾ। ਇਸ ਨੂੰ ਇਲੈਕਟ੍ਰਿਕ ਗੱਡੀਆਂ ਖ਼ਰੀਦ ਕੇ ਅੰਜਾਮ ਦਿੱਤਾ ਜਾਵੇਗਾ। 2025 ਤਕ ਅੱਧੀਆਂ ਫ਼ੈਡਐਕਸ ਐਕਸਪ੍ਰੈੱਸ ਗਲੋਬਲ ਪੀ.ਯੂ.ਡੀ. ਗੱਡੀਆਂ ਦੀ ਖ਼ਰੀਦ ਇਲੈਕਟ੍ਰਿਕ ਹੋਵੇਗੀ। 2030 ਤਕ ਸਾਰੀ ਖ਼ਰੀਦ ਇਲੈਕਟ੍ਰਿਕ ਗੱਡੀਆਂ ਹੋਣਗੀਆਂ।
ਕੈਰੀਰੀ ਨੇ ਕਿਹਾ, ”ਇਹ ਸਾਡੇ ਇਲੈਕਟ੍ਰੀਫ਼ੀਕੇਸ਼ਨ ਕੋਸ਼ਿਸ਼ਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੋਵੇਗਾ। ਅਸੀਂ ਉਤਸ਼ਾਹਿਤ ਹਾਂ ਕਿ ਜੀ.ਐਮ. ਵਰਗੇ ਪਾਰਟਨਰ ਸਾਡੇ ਲਈ ਫ਼ਲੀਟ ਖੜ੍ਹਾ ਕਰਨ ਲਈ ਤਿਆਰ ਨੇ, ਜੋ ਕਿ ਸਸਤੇ ਅਤੇ ਟਿਕਾਊ ਹਨ। ਅਸੀਂ ਆਪਣੀ ਵਚਨਬੱਧਤਾ ਨੂੰ ਗਤੀ ਦੇਣ ਲਈ ਤਿਆਰ ਬਰ ਤਿਆਰ ਹਾਂ।”
ਕੈਰੀਰੀ ਜੀ.ਐਮ. ਦੇ ਬਰਾਈਟਡਰੌਪ ਇਲੈਕਟ੍ਰਿਕ ਪੈਲੇਟ ਅਤੇ ਵੈਨ ਪ੍ਰੋਗਰਾਮ ਦੀ ਗੱਲ ਕਰ ਰਹੇ ਸਨ ਜਿਸ ਦੀ ਫ਼ੈਡਐਕਸ ਜਾਂਚ ਕਰ ਰਿਹਾ ਹੈ। ਪੈਲੇਟ ਦੇ ਪ੍ਰਯੋਗ ਨਾਲ ਡਰਾਈਵਰ ਹਰ ਰੋਜ਼ 25 ਫ਼ੀਸਦੀ ਜ਼ਿਆਦਾ ਪੈਕੇਜ ਨਿਪਟਾ ਰਹੇ ਸਨ। ਫ਼ੈੱਕਐਕਸ ਈ.ਵੀ. 600 ਵੈਨਾਂ ਦਾ ਪਹਿਲਾ ਗ੍ਰਾਹਕ ਹੋਵੇਗਾ, ਜੋ ਕਿ ਉਸ ਨੂੰ ਇਸ ਸਾਲ ਦੇ ਅੰਤ ‘ਚ ਪ੍ਰਾਪਤ ਹੋਣ ਵਾਲੇ ਹਨ।
ਯੋਜਨਾ ਦਾ ਇੱਕ ਹੋਰ ਪ੍ਰਮੁੱਖ ਹਿੱਸਾ ਏਅਰਕਰਾਫ਼ਟ ਫ਼ਲੀਟ ਨੂੰ ਇਸ ਦੇ ਫ਼ੈੱਡਐਕਸ ਫ਼ਿਊਲ ਸੈਂਸ ਪਹਿਲ ਅਨੁਸਾਰ ਤਿਆਰ ਕਰ ਕੇ ਅਪਡੇਟ ਕਰਨਾ ਹੈ। 2012 ਤੋਂ, ਫ਼ੈਡਐਕਸ ਫ਼ਿਊਲ ਸੈਂਸ ਅਤੇ ਏਅਰਕਰਾਫ਼ਟ ਆਧੁਨੀਕੀਕਰਨ ਪ੍ਰੋਗਰਾਮ ਨੇ ਕੁਲ ਮਿਲ ਕੇ 1.43 ਬਿਲੀਅਨ ਗੈਲਨ ਜੈੱਟ ਫ਼ਿਊਲ ਦੀ ਬਚਤ ਕੀਤੀ ਹੈ ਅਤੇ 13.5 ਮਿਲੀਅਨ ਮੀਟ੍ਰਿਕ ਟਨ ਕਾਰਬਨ ਡਾਈਆਕਸਾਈਡ (ਸੀ.ਓ.2) ਉਤਸਰਜਨ ਨੂੰ ਘੱਟ ਕੀਤਾ ਹੈ। ਬਦਲਵੇਂ ਫ਼ਿਊਲ ਇਸ ਯੋਜਨਾ ਦਾ ਹਿੱਸਾ ਹਨ।
ਕੰਪਨੀ ਦੇ ਪ੍ਰਮੁੱਖ ਮਾਰਕੀਟਿੰਗ ਅਤੇ ਸੰਚਾਰ ਅਫ਼ਸਰ ਬ੍ਰੀ ਕੈਰੀਰੀ ਨੇ ਕਿਹਾ, ”ਹਵਾਈ ਸਫ਼ਰ ਦੇ ਖੇਤਰ ‘ਚ ਕਾਰਬਨ ਦੇ ਪ੍ਰਯੋਗ ਨੂੰ ਖ਼ਤਮ ਕਰਨਾ ਆਸਾਨ ਕੰਮ ਨਹੀਂ ਹੈ। ਇਸੇ ਕਰਕੇ ਅਸੀਂ ਇਸ ਲਈ ਕਈ ਹੱਲ ਲੱਭ ਰਹੇ ਹਾਂ।”
ਬਹੁਪੱਖੀ ਪਹੁੰਚ
2040 ਦੇ ਟੀਚੇ ਨੂੰ ਸਰ ਕਰਨ ਲਈ ਯੋਜਨਾ ਦੇ ਹੋਰ ਹਿੱਸਿਆਂ ‘ਚ ਸ਼ਾਮਲ ਹਨ ਗ੍ਰਾਹਕਾਂ ਨਾਲ ਮਿਲ ਕੇ ਟਿਕਾਊ, ਮੁੜ ਵਰਤੋਂ ਦੇ ਯੋਗ ਪੈਕੇਜਿੰਗ, ਫ਼ੈਸਿਲਿਟੀਜ਼ ਨੂੰ ਜ਼ਿਆਦਾ ਟਿਕਾਊ ਬਣਾਉਣਾ, ਨਵਿਆਉਣਯੋਗ ਊਰਜਾ, ਅਤੇ ਹੋਰ ਊਰਜਾ ਪ੍ਰਬੰਧਨ ਪ੍ਰੋਗਰਾਮ ਪੇਸ਼ ਕਰਨਾ।
ਫ਼ੈਡਐਕਸ ਕਾਰਪੋਰੇਸ਼ਨ ਵਿਖੇ ਮਿੱਚ ਜੈਕਸਨ, ਪ੍ਰਮੁੱਖ ਸਸਟੇਨੇਬਿਲਿਟੀ ਅਫ਼ਸਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿਛਲੇ ਵਿੱਤੀ ਵਰੇ ਦੌਰਾਨ ਫ਼ੈੱਡਐਕਸ ਨੇ ਆਪਣੀਆਂ ਚਲ ਰਹੀਆਂ ਕੋਸ਼ਿਸ਼ਾਂ ਰਾਹੀਂ ਸੀ.ਓ.2 ਉਤਸਰਜਨ ‘ਚ ਤਿੰਨ ਮਿਲੀਅਨ ਟਨ ਤੋਂ ਜ਼ਿਆਦਾ ਦੀ ਕਮੀ ਕੀਤੀ ਤਾਂ ਕਿ ਇਸ ਦਾ ਵਾਤਾਵਰਣ ‘ਤੇ ਅਸਰ ਬਿਹਤਰ ਹੋ ਸਕੇ।
ਉਨ੍ਹਾਂ ਕਿਹਾ, ”ਫ਼ੈੱਡਐਕਸ ਦਾ ਇਤਿਹਾਸ ਲੰਮੇ ਸਮੇਂ ਤਕ ਚੱਲਣ ਵਾਲੀਆਂ ਚੀਜ਼ਾਂ ‘ਚ ਨਿਵੇਸ਼ ਦਾ ਰਿਹਾ ਹੈ।” ਪਿਛਲੇ ਦਹਾਕੇ ਦੌਰਾਨ ਕੰਪਨੀ ਨੇ ਆਪਣੀਆਂ ਕਾਰਵਾਈਆਂ ‘ਚ ਕਾਰਬਨ ਉਤਸਰਜਨ ਨੂੰ 40 ਫ਼ੀਸਦੀ ਤਕ ਘੱਟ ਕੀਤਾ ਹੈ, ਜਦਕਿ ਪੈਕੇਜਾਂ ਦੀ ਗਿਣਤੀ ਇਸ ਸਮੇਂ ਦੌਰਾਨ 99 ਫ਼ੀਸਦੀ ਵੱਧ ਗਈ ਹੈ।
ਹਾਲਾਂਕਿ, ਟਿਕਾਊਪਨ ਵਾਲੇ ਰਸਤੇ ‘ਤੇ ਚੱਲਣ ਲਈ ਧਰਤੀ ਦੇ ਵਾਧੂ ਕਾਰਬਨ ਨੂੰ ਬਾਹਰ ਕੱਢ ਦੇ ਸਟੋਰ ਕਰਨ ਲਈ ਨਵੀਂ ਰਣਨੀਤੀ ਦੀ ਜ਼ਰੂਰਤ ਹੈ ਜਿਸ ਕਰ ਕੇ ਹੀ ਫ਼ੈੱਡਐਕਸ ਯੇਲ ਯੂਨੀਵਰਸਿਟੀ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਕੁਦਰਤੀ ਕਾਰਬਨ ਸੋਖਣ ਲਈ ਕੇਂਦਰ ‘ਚ ਖੋਜਕਰਤਾ ਅਜਿਹੇ ਤਰੀਕੇ ਵਿਕਸਤ ਕਰਨਗੇ ਜੋ ਕੁਦਰਤੀ ਕਾਰਬਨ ਸਟੋਰੇਜ ਸਿਸਟਮ ਬਣਾਉਣ, ਜਿਨ੍ਹਾਂ ‘ਚ ਬਾਇਓਲਾਜੀਕਲ ਇਕੋਸਿਸਟਮ ਅਤੇ ਜੀਓਲਾਜੀਕਲ ਕਾਰਬਨ ਸਾਈਕਲ ਸ਼ਾਮਲ ਹੋਣਗੇ। ਇਹ ਇਸ ਗੱਲ ਨੂੰ ਬਿਹਤਰ ਕਰਨਗੇ ਕਿ ਕਿੰਨੀ ਛੇਤੀ ਕਾਰਬਨ ਨੂੰ ਸੋਖਿਆ ਜਾ ਸਕਦਾ ਹੈ। ਇਨ੍ਹਾਂ ਕੋਸ਼ਿਸ਼ਾਂ ਰਾਹੀਂ, ਯੇਲ ਦੇ ਵਿਗਿਆਨੀਆਂ ਦਾ ਟੀਚਾ ਕਾਰਬਨ ਹਟਾਉਣ ਦੀਆਂ ਰਣਨੀਤੀਆਂ ਤਿਆਰ ਕਰਨਾ ਹੈ ਜਿਸ ਦਾ ਅਸਰ ਪੂਰੀ ਧਰਤੀ ‘ਤੇ ਪਵੇਗਾ।
ਜੈਕਸਨ ਨੇ ਕਿਹਾ, ”ਅਸੀਂ ਵਾਤਾਵਰਣ ‘ਚ ਪ੍ਰਦੂਸ਼ਣ ਘੱਟ ਕਰਨ ਪ੍ਰਤੀ ਵੱਡੀ ਪੁਲਾਂਘ ਪੁੱਟੀ ਹੈ, ਪਰ ਸਾਨੂੰ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਸਾਡੇ ਉਦਯੋਗ ਦੀ ਲੰਮੇ ਸਮੇਂ ਦੀ ਸਿਹਤ ਸਾਡੇ ਗ੍ਰਹਿ ਦੀ ਸਿਹਤ ‘ਤੇ ਨਿਰਭਰ ਹੈ। ਫ਼ੈੱਡਐਕਸ ਵਿਖੇ ਅਸੀਂ ਲੋਕਾਂ ਅਤੇ ਸੰਭਾਵਨਾਵਾਂ ਨੂੰ ਆਪਸ ‘ਚ ਸਰੋਤਾਂ ਰਾਹੀਂ ਅਤੇ ਜ਼ਿੰਮੇਵਾਰੀ ਰਾਹੀਂ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਕਦਮ ਅਸੀਂ ਅੱਜ ਚੁੱਕ ਰਹੇ ਹਾਂ ਉਹ ਆਉਣ ਵਾਲੀਆਂ ਕਈ ਪੀੜ੍ਹੀਆਂ ਤਕ ਸਾਕਾਰਾਤਮਕ ਅਸਰ ਪਾਉਣਗੇ।”