ਕਮਰਸ਼ੀਅਲ ਟਰੱਕ ਅਤੇ ਟਰੇਲਰ ਟਾਇਰਾਂ ਦੇ ਸਪਲਾਈਕਰਤਾ ਗ੍ਰਾਹਕਾਂ ਨੂੰ ਛੇਤੀ ਹੀ ਹੋਣ ਵਾਲੇ ਕੀਮਤ ‘ਚ ਵਾਧੇ ਬਾਰੇ ਸੂਚਿਤ ਕਰਨਾ ਚਾਹੁੰਦੇ ਹਨ ਜੋ ਕਿ ਇਸ ਸਾਲ ਮਹਿੰਗਾਈ ਦਰ ਤੋਂ ਬਹੁਤ ਵੱਧ ਹੋ ਸਕਦੀ ਹੈ।
ਬ੍ਰਿਜਸਟੋਨ ਨੇ ਅੱਜ ਐਲਾਨ ਕੀਤਾ ਕਿ ਇਸ ਦੇ ਕਮਰਸ਼ੀਅਲ ਟਰੱਕ ਟਾਇਰ ਅਤੇ ਬੈਨਡੇਗ ਰੀਟ੍ਰੈੱਡ ਦੀ ਕੀਮਤ ਅਮਰੀਕਾ ਅਤੇ ਕੈਨੇਡਾ ‘ਚ 1 ਅਪ੍ਰੈਲ ਤੋਂ 8% ਵੱਧ ਜਾਵੇਗੀ।

(ਤਸਵੀਰ: ਆਈਸਟਾਕ)
ਕੰਪਨੀ ਨੇ ਇੱਕ ਸੰਬੰਧਤ ਬਿਆਨ ‘ਚ ਕਿਹਾ, ”ਕੀਮਤਾਂ ‘ਚ ਇਹ ਵਾਧਾ ਲਾਜ਼ਮੀ ਸੀ ਕਿਉਂਕਿ ਬ੍ਰਿਜਸਟੋਨ ਲਗਾਤਾਰ ਵੱਧ ਰਹੀਆਂ ਕਾਰੋਬਾਰੀ ਲਾਗਤਾਂ ਦਾ ਭਾਰ ਚੁੱਕ ਰਿਹਾ ਹੈ ਜਿਸ ‘ਚ ਵਧੀ ਹੋਈ ਆਵਾਜਾਈ ਅਤੇ ਕੱਚੇ ਮਾਲ ਦੀ ਕੀਮਤ ਸ਼ਾਮਲ ਹੈ, ਜੋ ਕਿ ਸਾਲ ਦੇ ਦੂਜੇ ਅੱਧ ‘ਚ ਵੀ ਵਧਣ ਦੀ ਉਮੀਦ ਹੈ।”
ਨੈਸ਼ਨਲ ਅਕਾਊਂਟ ਫ਼ਲੀਟ ਗ੍ਰਾਹਕ, ਓ.ਈ.ਐਮ. ਅਤੇ ਡੀਲਰਾਂ ਨੂੰ ਸੰਬੰਧਤ ਵੇਰਵਾ 1 ਮਾਰਚ ਨੂੰ ਮਿਲੇਗਾ।
ਮਿਸ਼ੈਲਿਨ ਨਾਰਥ ਅਮਰੀਕਾ ਨੇ ਵੀ ਗ੍ਰਾਹਕਾਂ ਨੂੰ ਆਪਣੇ ਵੱਲੋਂ ਇਸ ਮਹੀਨੇ ਵਧਾਈਆਂ ਜਾ ਰਹੀਆਂ ਕੀਮਤਾਂ ਬਾਰੇ ਚੇਤਾਵਨੀ ਦਿੱਤੀ ਹੈ। ਇਹ ਕਮਰਸ਼ੀਅਲ ਸੇਵਾਵਾਂ, ਫ਼ਲੀਟ ਗ੍ਰਾਹਕਾਂ ਲਈ ਚੋਣਵੀਆਂ ਪੇਸ਼ਕਸ਼ਾਂ, ਚੋਣਵੇਂ ਮਟੀਰੀਅਲ ਹੈਂਡਲਿੰਗ ਉਤਪਾਦਾਂ ਅਤੇ ਚੋਣਵੇਂ ਵ੍ਹੀਲਜ਼ ‘ਤੇ ਲਾਗੂ ਹੋਣਗੀਆਂ।
ਕੀਮਤਾਂ ‘ਚ ਇਹ ਵਾਧਾ 1 ਮਾਰਚ ਨੂੰ ਲਾਗੂ ਹੋਵੇਗਾ, ਹਾਲਾਂਕਿ ਵਾਧੇ ਦੇ ਆਕਾਰ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ।
ਮਿਸ਼ੈਲਿਨ ਨੇ ਕਿਹਾ, ”ਕੀਮਤਾਂ ‘ਚ ਵਾਧਾ ਹਰ ਦੇਸ਼ ‘ਚ ਵਿਸ਼ੇਸ਼ ਉਤਪਾਦਾਂ ਅਤੇ ਸੇਵਾਵਾਂ ਲਈ ਬਾਜ਼ਾਰ ਦੇ ਹਾਲਾਤ ਅਨੁਸਾਰ ਵੱਖੋ-ਵੱਖ ਹੋਵੇਗਾ। ਵੇਰਵਾ ਸਿੱਧਾ ਡੀਲਰਾਂ ਅਤੇ ਫ਼ਲੀਟ ਗ੍ਰਾਹਕਾਂ ਨੂੰ ਪੇਸ਼ ਕੀਤਾ ਜਾਵੇਗਾ ਅਤੇ ਹੋਰ ਸਵਾਲਾਂ ਲਈ ਅਕਾਊਂਟ ਮੈਨੇਜਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।”