ਨਿਕੋਲਾ ਨੇ ਆਪਣੇ ਵੱਲੋਂ ਹਾਈਡ੍ਰੋਜਨ ਫ਼ਿਊਲ ਸੈੱਲ ਇਲੈਕਟ੍ਰਿਕ ਵਹੀਕਲਾਂ (ਐਫ਼.ਸੀ.ਈ.ਵੀ.) ਨੂੰ ਲਿਆਉਣ ਦੀਆਂ ਯੋਜਨਾਵਾਂ ਦਾ ਵੇਰਵਾ ਜਾਰੀ ਕਰ ਦਿੱਤਾ ਹੈ।
ਸਭ ਤੋਂ ਪਹਿਲਾਂ ਇਹ ਆਪਣੇ ਟਰੈ ਕੈਬਓਵਰ ਬੈਟਰੀ-ਇਲੈਕਟ੍ਰਿਕ ਟਰੱਕ ਦੀ ਉੱਤਰੀ ਅਮਰੀਕੀ ਪ੍ਰੋਡਕਸ਼ਨ ਨੂੰ ਜਾਰੀ ਕਰੇਗਾ, ਜਿਸ ਤੋਂ ਬਾਅਦ ਇਸ ਟਰੱਕ ਦਾ ਹੀ ਐਫ਼.ਸੀ.ਈ.ਵੀ. ਸੰਸਕਰਨ ਅਤੇ ਲੋਂਗ-ਰੇਂਜ ਨਿਕੋਲਾ ਟੂ ਐਫ਼.ਸੀ.ਈ.ਵੀ. ਸਲੀਪਰ ਉਤਾਰਿਆ ਜਾਵੇਗਾ ਜੋ ਕਿ 300 ਅਤੇ 900 ਮੀਲ (480 ਅਤੇ 1,440 ਕਿਲੋਮੀਟਰ) ਵਿਚਕਾਰ ਰੇਂਜ ਦੀ ਸਮਰੱਥਾ ਵਾਲਾ ਹੋਵੇਗਾ।

(ਤਸਵੀਰ: ਨਿਕੋਲਾ)
ਐਫ਼.ਸੀ.ਈ.ਵੀ. ਦੇ ਕੌਮਾਂਤਰੀ ਮੁਖੀ ਨਿਕੋਲਾ ਦੇ ਜੇਸਨ ਰੋਏਸ਼ਟ ਨੇ ਕਿਹਾ, ”ਕਾਰਬਨ-ਮੁਕਤ ਭਵਿੱਖ ਵੱਲ ਤੇਜ਼ੀ ਨਾਲ ਵਧਣ ਲਈ ਟਰੱਕਿੰਗ ਉਦਯੋਗ ਨੂੰ ਹੈਵੀ-ਡਿਊਟੀ, ਸਿਫ਼ਰ ਉਤਸਰਜਨ ਕਮਰਸ਼ੀਅਲ ਗੱਡੀਆਂ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਅੱਜ ਦੇ ਡੀਜ਼ਲ ਟਰੱਕਾਂ ਬਰਾਬਰ ਰੇਂਜ ਸਮਰਥਾਵਾਂ ਵਾਲਾ ਬਣਾਇਆ ਗਿਆ ਹੋਵੇ। ਨਿਕੋਲਾ ਆਪਣੇ ਐਫ਼.ਸੀ.ਈ.ਵੀ. ਟਰੱਕਾਂ ਬਾਰੇ ਨਵਾਂ ਵੇਰਵਾ ਪੇਸ਼ ਕਰ ਕੇ ਅਤੇ ਟਿਕਾਊ ਕਮਰਸ਼ੀਅਲ ਆਵਾਜਾਈ ਪ੍ਰਤੀ ਆਪਣੀ ਵਚਨਬੱਧਤਾ ਲਈ ਉਤਸ਼ਾਹਿਤ ਹੈ।”
ਇਸ ਲੜੀ ‘ਚ ਸ਼ਾਮਲ ਹੋਣਗੇ: ਖੇਤਰੀ ਅਮਲਾਂ ਅਤੇ 300 ਮੀਲ (480 ਕਿਲੋਮੀਟਰ) ਤਕ ਦੇ ਸਫ਼ਰ ਲਈ ਨਿਕੋਲਾ ਟਰੈ ਬੀ.ਈ.ਵੀ. ਕੈਬਓਵਰ; ਰੀਜਨਲ ਹੌਲ ਅਤੇ 500 ਮੀਲ (800 ਕਿਲੋਮੀਟਰ) ਤਕ ਦੀ ਰੇਂਜ ਲਈ ਨਾਈਕਾ ਟਰੈ ਐਫ਼.ਸੀ.ਈ.ਵੀ.; ਅਤੇ ਲੋਂਗਹੌਲ ਨਿਕੋਲਾ ਟੂ ਐਫ਼.ਸੀ.ਈ.ਵੀ. ਸਲੀਪਰ 900 ਮੀਲ ਤਕ ਲਈ (1,440 ਕਿਲੋਮੀਟਰ)।
ਨਿਕੋਲਾ ਨੇ ਦਾਅਵਾ ਕੀਤਾ ਹੈ ਕਿ ਪਹਿਲਾ ਟਰੈ ਐਫ਼.ਸੀ.ਈ.ਵੀ. ਪ੍ਰੋਟੋਟਾਈਪ ਇਸ ਸਾਲ ਦੀ ਦੂਜੀ ਤਿਮਾਹੀ ‘ਚ ਤਿਆਰ ਹੋ ਜਾਵੇਗਾ, ਜਿਸ ਦਾ 2023 ਦੇ ਦੂਜੀ ਅੱਧ ‘ਚ ਉਤਪਾਦਨ ਵੀ ਸ਼ੁਰੂ ਹੋ ਜਾਵੇਗਾ।
ਕੰਪਨੀ ਅਨੁਸਾਰ ਲੋਂਗਹੌਲ ਨਿਕੋਲਾ ਟੂ ਐਫ਼.ਸੀ.ਈ.ਵੀ. ਨੂੰ ਇੱਕ ਨਵੇਂ ਚੈਸਿਸ ‘ਤੇ ਬਣਾਇਆ ਜਾਵੇਗਾ ਜਿਸ ਨੂੰ ਉੱਤਰੀ ਅਮਰੀਕੀ ਮਾਰਕੀਟ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ 2024 ਦੇ ਅਖ਼ੀਰ ‘ਚ ਲਾਂਚ ਕੀਤਾ ਜਾਵੇਗਾ।
ਕੰਪਨੀ ਨੇ ਐਲਾਨ ਕੀਤਾ ਹੈ ਕਿ ਫ਼ਿਊਲ ਸੈੱਲ ਪਾਵਰ ਮਾਡਿਊਲ ਅਤੇ ਹਾਈਡ੍ਰੋਜਨ ਸਟੋਰੇਜ ਸਿਸਟਮਾਂ ਨੂੰ ਇਸ ਵੇਲੇ ਵਿਕਸਤ ਕੀਤਾ ਜਾ ਰਿਹਾ ਹੈ।
ਰੋਏਸ਼ਟ ਨੇ ਕਿਹਾ, ”ਸਾਡੀ ਯੋਜਨਾ ਬਾਜ਼ਾਰ ‘ਚ ਕਦਮ-ਦਰ-ਕਦਮ ਦਾਖ਼ਲ ਹੋਣ ਦੀ ਹੈ। ਅਸੀਂ ਮੌਜੂਦਾ ਟਰੈ ਪਲੇਟਫ਼ਾਰਮ ਨੂੰ ਵਿਕਸਤ ਕਰ ਕੇ ਫ਼ਿਊਲ-ਸੈੱਲ ਅਤੇ ਹਾਈਡ੍ਰੋਜਨ ਸਟੋਰੇਜ ਸਿਸਟਮਾਂ ਨੂੰ 2023 ‘ਚ ਜਾਰੀ ਕਰਨਾ ਚਾਹੁੰਦੇ ਹਾਂ। ਇਨ੍ਹਾਂ ਸਿਸਟਮਾਂ ਨੂੰ ਇਸ ਤਰ੍ਹਾਂ ਬਣਾਇਆ ਜਾਵੇਗਾ ਕਿ ਇਹ ਲੋਂਗਹੌਲ ਦੀਆਂ ਜ਼ਿਆਦਾ ਤਾਕਤ ਅਤੇ ਲੰਮੀ ਰੇਂਜ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਣ। ਸਾਂਝੇ ਉਪਕਰਨ ਅਤੇ ਸਿਸਟਮ ਨੂੰ ਹਾਈਡ੍ਰੋਜਨ ਪ੍ਰੋਪਲਜ਼ਨ ‘ਚ ਪ੍ਰਯੋਗ ਕਰਨ ਨਾਲ ਨਿਕੋਲਾ ਘੱਟ ਲਾਗਤ ‘ਤੇ ਆਪਣੇ ਐਫ਼.ਸੀ.ਈ.ਵੀ. ਟਰੱਕ ਪੋਰਟਫ਼ੋਲਿਓ ਨੂੰ ਕਮਰਸ਼ੀਅਲ ਟਰੱਕਿੰਗ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕਰ ਸਕੇਗਾ।”