ਨਿਊ ਬਰੰਸਵਿਕ ਮੌਸਮ ਅਧਾਰਤ ਭਾਰ ਦੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਿਹਾ ਹੈ। ਪ੍ਰੋਵਿੰਸ ਦੇ ਦੱਖਣੀ ਇਲਾਕਿਆਂ ‘ਚ ਇਹ ਪਾਬੰਦੀਆਂ 28 ਫ਼ਰਵਰੀ ਦੀ ਅੱਧੀ ਰਾਤ ਤੋਂ ਲਾਗੂ ਹੋਣਗੀਆਂ। ਉੱਤਰੀ ਖੇਤਰਾਂ ‘ਚ ਪਾਬੰਦੀਆਂ 7 ਮਾਰਚ ਨੂੰ ਲਾਈਆਂ ਜਾਣਗੀਆਂ।

(ਤਸਵੀਰ: ਆਈਸਟਾਕ)
ਇਹ ਪਾਬੰਦੀਆਂ ਦੱਖਣੀ ਇਲਾਕਿਆਂ ‘ਚ 16 ਮਈ ਤਕ, ਅਤੇ ਉੱਤਰੀ ਨਿਊ ਬਰੰਸਵਿਕ ‘ਚ 23 ਮਈ ਤਕ ਲਾਗੂ ਰਹਿਣਗੀਆਂ। ਪਰ ਪਾਬੰਦੀਆਂ ਦਾ ਸਹੀ ਸਮਾਂ ਮੌਸਮ ਦੇ ਹਾਲਾਤ ਨੂੰ ਅਤੇ ਬਰਫ਼ ਪਿਘਲਣ ਦੀ ਸਥਿਤੀ ਨੂੰ ਸੈਂਸਰਾਂ ਰਾਹੀਂ ਭਾਂਪ ਕੇ ਹੀ ਤੈਅ ਕੀਤਾ ਜਾਵੇਗਾ।
ਮੌਸਮ ਅਨੁਸਾਰ ਜਿਲ੍ਹਾ ਇੰਜੀਨੀਅਰ ਕਿਸੇ ਵੀ ਸਮੇਂ ਹਾਈਵੇ ‘ਤੇ ਟਰੱਕਾਂ ਦੀ ਆਮਦ ਨੂੰ ਰੋਕ ਸਕਦੇ ਹਨ ਜਾਂ ਭਾਰ ਸੰਬੰਧੀ ਪਾਬੰਦੀਆਂ ਨੂੰ ਲਾਗੂ ਕਰ ਸਕਦੇ ਹਨ।
ਇਸ ਸਮੇਂ ਦੌਰਾਨ ਪੂਰੇ ਪ੍ਰੋਵਿੰਸ ਦੇ ਹਾਈਵੇਜ਼ ਨੂੰ 100%, 90% ਜਾਂ 80% ਦੀ ਰੇਟਿੰਗ ਦਿੱਤੀ ਜਾਂਦੀ ਹੈ। ਸਟੀਅਰ ਐਕਸਲ ਤੋਂ ਸਿਵਾ ਹਰ ਐਕਸਲ ਗਰੁੱਪ ‘ਚ ਵੱਧ ਤੋਂ ਵੱਧ ਇਜਾਜ਼ਤਯੋਗ ਐਕਸਲ ਲੋਡ ਦੀ ਪ੍ਰਤੀਸ਼ਤਤਾ ਲਾਗੂ ਕੀਤੀ ਜਾਂਦੀ ਹੈ।
ਜਾਇਜ਼ ਐਕਸਲ ਸੰਰਚਨਾਵਾਂ ਨੂੰ ਨਿਊ ਬਰੰਸਵਿਕ ਵਾਹਨ ਭਾਰ ਅਤੇ ਮਾਪ ਰੈਗੂਲੇਸ਼ਨ 2001-67 ਦੀ ਸੂਚੀ ਏ ‘ਚ ਵੇਖਿਆ ਜਾ ਸਕਦਾ ਹੈ।
ਇਨ੍ਹਾਂ ਪਾਬੰਦੀਆਂ ਦੇ ਮੰਤਵ ਲਈ, ਉੱਤਰੀ ਨਿਊ ਬਰੰਸਵਿਕ ‘ਚ ਸ਼ਾਮਲ ਹਨ:
* ਨੌਰਥੰਬਰਲੈਂਡ, ਗਲੂਸੈਸਟਰ, ਰੈਸਟੀਗੋਸ਼, ਮਾਡਾਵਾਸਕਾ ਅਤੇ ਵਿਕਟੋਰੀਆ ਦੀਆਂ ਕਾਊਂਟੀਆਂ;
* ਯੌਰਕ ਕਾਊਂਟੀ ‘ਚ ਰੂਟ 108 ਦੇ ਹਿੱਸੇ;
* ਯੌਰਕ ਕਾਊਂਟੀ ਅੰਦਰ ਗੋਰਡਨ ਵੇਲ ਰੋਡ ਅਤੇ ਹੋਲਟਵਿਲ ਸੜਕ ਦੇ ਹਿੱਸੇ;
* ਸਨਬਰੀ ਕਾਊਂਟੀ ਅਤੇ ਕੂਈਨਜ਼ ਕਾਊਂਟੀ ਅੰਦਰ ਰੂਟ 123 ਦੇ ਹਿੱਸੇ;
* ਹੋਲਟਵਿਲ ਰੋਡ ਅਤੇ ਰੂਟ 625 ਵਿਚਕਾਰ ਬਲੂਮਫ਼ੀਲਡ ਰਿੱਜ ਰੋਡ ਦੇ ਹਿੱਸੇ; ਅਤੇ
* ਗੌਰਡਨ ਵਿਲ ਰੋਡ ਅਤੇ ਰੂਟ 8 ਵਿਚਕਾਰ ਰੂਟ 625 ਦੇ ਹਿੱਸੇ।
ਜੇਕਰ ਗੱਡੀ ਇੱਕ ਹੀ ਟੁਕੜੇ ‘ਚ ਕਿਸੇ ਚੀਜ਼ ਨੂੰ ਲੈ ਕੇ ਜਾ ਰਹੀ ਹੋਵੇ ਅਤੇ ਉਸ ਦਾ ਭਾਰ ਪਾਬੰਦੀਸ਼ੁਦਾ ਹੱਦ ਤੋਂ ਵੱਧ ਹੋਵੇ ਤਾਂ ਅਜਿਹੀ ਵਸਤੂ ਨੂੰ ਲੈ ਕੇ ਜਾਣ ਲਈ ਪਰਮਿਟ ਦੀ ਅਪੀਲ ਕੀਤੀ ਜਾ ਸਕਦੀ ਹੈ।
ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰੀ ਜਿਲ ਗ੍ਰੀਨ ਨੇ ਕਿਹਾ, ”ਮੌਸਮ ਅਨੁਸਾਰ ਭਾਰ ਦੀਆਂ ਹੱਦਾਂ ਨਾਲ ਸਾਡੇ ਮੁਢਲੇ ਢਾਂਚੇ ਨੂੰ ਬਰਫ਼ ਦੇ ਪਿਘਲਣ ਦੇ ਸਮੇਂ ਦੌਰਾਨ ਸੁਰੱਖਿਅਤ ਰੱਖਣ ‘ਚ ਮੱਦਦ ਮਿਲਦੀ ਹੈ। ਇਸ ਸਮੇਂ ਦੌਰਾਨ ਅਸੀਂ ਭਾਰ ਘੱਟ ਕਰਨ ਅਤੇ ਬਦਲਵੇਂ ਰਾਹਾਂ ਦੀ ਚੋਣ ਕਰਨ ਲਈ ਉਦਯੋਗ ‘ਚ ਸਥਿਤ ਆਪਣੇ ਭਾਈਵਾਲਾਂ ਦੀ ਤਾਰੀਫ਼ ਕਰਦੇ ਹਾਂ।”