ਟਰਾਂਸਪੋਰਟ ਕੈਨੇਡਾ ਨੇ ਮੁੜ ਪੁਸ਼ਟੀ ਕੀਤੀ ਹੈ ਕਿ ਕੈਨੇਡਾ ’ਚ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਬਾਰੇ ਨਿਯਮਾਂ ਨੂੰ 12 ਜੂਨ ਤੋਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ, ਪਰ ਇਸ ਦੀ ਇਨਫ਼ੋਰਸਮੈਂਟ ਨੂੰ ਪੂਰੀ ਤਰ੍ਹਾਂ 12 ਮਹੀਨਿਆਂ ਦੇ ਸਮੇਂ ਦੌਰਾਨ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।
ਆਵਾਜਾਈ ਮੰਤਰੀ ਓਮਰ ਐਲਗਾਬਰਾ ਨੇ ਬਿਆਨ ਜਾਰੀ ਕਰ ਕੇ ਕਿਹਾ, ‘‘ਆਵਾਜਾਈ ਮੰਤਰੀ ਵਜੋਂ, ਮੈਂ ਇਸ ਸਮਾਂਰੇਖਾ ਪ੍ਰਤੀ ਸਖਤਾਈ ਨਾਲ ਸਮਰਪਿਤ ਹਾਂ-ਇਹ ਉਪਕਰਨ ਕੈਨੇਡਾ ’ਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਗੇ। ਇਸ ਦੇ ਨਾਲ ਹੀ ਕਮਰਸ਼ੀਅਲ ਗੱਡੀਆਂ ਦੀਆਂ ਕਾਰਵਾਈਆਂ ’ਤੇ ਕੋਵਿਡ-19 ਦਾ ਬਹੁਤ ਮਾੜਾ ਅਸਰ ਪਿਆ ਜਿਸ ਨੂੰ ਵੀ ਧਿਆਨ ’ਚ ਰੱਖਣ ਦੀ ਜ਼ਰੂਰਤ ਹੈ। ਇਸ ਸਭ ਨੂੰ ਵੇਖਦਿਆਂ ਪ੍ਰੋਵਿੰਸਿਜ਼ ਅਤੇ ਟੈਰੀਟੋਰੀਜ਼ ਦੀ ਮੱਦਦ ਨਾਲ, ਅਤੇ ਉਦਯੋਗ ਨਾਲ ਗੱਲਬਾਤ ਜ਼ਰੀਏ ਅਸੀਂ ਪੜਾਅਵਾਰ ਲਾਗੂ ਕਰਨ ਦੇ ਸਫ਼ਲ ਅਤੇ ਅਸਰਦਾਰ ਸਮੇਂ ’ਤੇ ਇਕੱਠੇ ਮਿਲ ਕੇ ਕੰਮ ਕਰਾਂਗੇ। ਇਸ ਨਾਲ ਉਦਯੋਗ ਨੂੰ ਪ੍ਰਮਾਣਿਤ ਇਲੈਕਟ੍ਰਾਨਿਕ ਲਾਗਿੰਗ ਡਿਵਾਇਸਿਜ਼ ਨੂੰ ਬਗ਼ੈਰ ਕਿਸੇ ਜੁਰਮਾਨੇ ਤੋਂ 12 ਜੂਨ, 2021 ਤਕ ਪ੍ਰਾਪਤ ਕਰਨ ਅਤੇ ਇੰਸਟਾਲ ਕਰਨ ਦਾ ਸਮਾਂ ਮਿਲ ਸਕੇਗਾ। ਸ਼ੁਰੂਆਤੀ ਇਨਫ਼ੋਰਸਮੈਂਟ ਦੇ ਤਰੀਕਿਆਂ ’ਚ ਸਿੱਖਿਆ ਅਤੇ ਜਾਗਰੂਕਤਾ ਫੈਲਾਉਣਾ ਸ਼ਾਮਲ ਹੋਵੇਗਾ।
ਉਨ੍ਹਾਂ ਨੇ ਕੈਰੀਅਰਜ਼ ਨੂੰ ਆਪਣੇ ਟਰੱਕਾਂ ’ਚ ‘‘ਜਿੱਥੋਂ ਤਕ ਸੰਭਵ ਹੋ ਸਕੇ’’ ਈ.ਐਲ.ਡੀ. ਲਾਉਣ ਦੀ ਅਪੀਲ ਕੀਤੀ ਹੈ।
ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਟਰਾਂਸਪੋਰਟ ਕੈਨੇਡਾ ਨੂੰ ਪੜਾਅਵਾਰ ਤਰੀਕੇ ਨਾਲ ਫ਼ਰਮਾਨ ਲਾਗੂ ਕਰਨ ਲਈ ਕਹਿੰਦੀ ਆ ਰਹੀ ਹੈ। ਇਸ ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇੇ ਐਲਾਨ ਦਾ ਸਵਾਗਤ ਕੀਤਾ ਹੈ।
ਉਨ੍ਹਾਂ ਨੇ ਸਾਡੀ ਭਾਈਵਾਲ ਮੈਗਜੀਨ ਟੂਡੇਜ਼ ਟਰੱਕਿੰਗ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੜਾਅਵਾਰ ਤਰੀਕੇ ਨਾਲ ਇਸ ਕਾਨੂੰਨ ਨੂੰ ਲਾਗੂ ਕਰਨ ਬਾਰੇ ਟਰਾਂਸਪੋਰਟ ਕੈਨੇਡਾ ਦੀ ਵਚਨਬੱਧਤਾ ਤੋਂ ਪੀ.ਐਮ.ਟੀ.ਸੀ. ਬਹੁਤ ਖ਼ੁਸ਼ ਹੈ, ਜਿਸ ਦੀ ਸ਼ੁਰੂਆਤ ਸਿਰਫ਼ ਸਿੱਖਿਆ ਅਤੇ ਜਾਗਰੂਕਤਾ ਨਾਲ ਹੋਵੇਗੀ। ਪੀ.ਐਮ.ਟੀ.ਸੀ. ਇਨਫ਼ੋਰਸਮੈਂਟ ਦੀ ਮਿਤੀ ਨੂੰ ਅੱਗੇ ਪਾਉਣ ਅਤੇ ਉਦਯੋਗ ਤੇ ਸਪਲਾਈਕਰਤਾਵਾਂ ਨੂੰ ਮਨਜ਼ੂਰਸ਼ੁਦਾ ਸੂਚੀ ’ਚੋਂ ਢੁਕਵੇਂ ਉਪਕਰਨਾਂ ਦੀ ਚੋਣ ਕਰਨ ਦਾ ਸਮਾਂ ਦੇਣ ਦੀ ਪੁਰਜ਼ੋਰ ਮੰਗ ਕਰਦਾ ਰਿਹਾ ਹੈ।’’

(ਤਸਵੀਰ : ਡੇਰੇਕ ਕਲੋਚੀਅਰ)
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਵੀ ਐਲਗਾਬਰਾ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਉਸ ਨੇ ਆਵਾਜਾਈ ਅਤੇ ਹਾਈਵੇ ਸੁਰੱਖਿਆ ਲਈ ਜ਼ਿੰਮੇਵਾਰ ਮੰਤਰੀਆਂ ਦੀ ਕੌਂਸਲ ਕੋਲ 12 ਮਹੀਨਿਆਂ ਦੌਰਾਨ ਪੜਾਅਵਾਰ ਤਰੀਕੇ ਨਾਲ ਤੀਜੀ-ਧਿਰ ਪ੍ਰਮਾਣਿਤ ਈ.ਐਲ.ਡੀ. ਜੂਨ ਤੋਂ ਲਾਗੂ ਕਰਨ ਦੀ ਰਣਨੀਤੀ ਜਮ੍ਹਾਂ ਕਰਵਾਈ ਸੀ।
ਸੀ.ਟੀ.ਏ. ਨੇ ਕਿਹਾ ਕਿ ਉਸ ਦੀਆਂ ਸਿਫ਼ਾਰਸ਼ਾਂ ’ਚ 12 ਮਹੀਨਿਆਂ ਦੌਰਾਨ ਰੈਗੂਲੇਸ਼ਨ ਦੀ ‘ਸਾਰਥਕ ਅਤੇ ਪੜਾਅਵਾਰ ਇਨਫ਼ੋਰਸਮੈਂਟ’ ਸ਼ਾਮਲ ਸੀ। ਪੂਰਨ ਇਨਫ਼ੋਰਸਮੈਂਟ ਜੂਨ 2022 ’ਚ ਸ਼ੁਰੂ ਹੋਵਗੀ।
ਸੀ.ਟੀ.ਏ. ਦੇ ਚੇਅਰਮੈਨ ਜੀਨ ਕਲਾਉਡ ਫ਼ੋਰਟੇਨ ਨੇ ਕਿਹਾ, ‘‘ਸੀ.ਟੀ.ਏ. ਦੀ ਇਨਫ਼ੋਰਸਮੈਂਟ ਰਣਨੀਤੀ ਕੈਨੇਡਾ ਦੇ ਲੋਕਾਂ ਨੂੰ ਸੁਰੱਖਿਆ ਦੇ ਲਾਭ ਮੁਹੱਈਆ ਕਰਵਾਉਂਦੀ ਹੈ ਜੋ ਕਿ ਉਹ ਇਸ ਰੈਗੂਲੇਸ਼ਨ ਤੋਂ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ, ਜਿਸ ਨਾਲ ਈ.ਐਲ.ਡੀ. ਦੇ ਪੂਰੇ ਲਾਭ 12 ਮਹੀਨਿਆਂ ਬਾਅਦ ਹੀ ਮਿਲ ਸਕਣਗੇ। ਇਹ ਰਣਨੀਤੀ ਤੀਜੀ-ਧਿਰ ਪ੍ਰਮਾਣਿਤ ਈ.ਐਲ.ਡੀ. ਅਪਨਾਉਣ ਦੀ ਹਕੀਕਤ ਨੂੰ ਦਰਸਾਉਂਦੀ ਹੈ ਅਤੇ ਯਕੀਨੀ ਕਰਦੀ ਹੈ ਕਿ ਵੈਂਡਰਾਂ, ਕੈਰੀਅਰਸ ਅਤੇ ਡਰਾਈਵਰਾਂ ਲਈ ਕਾਗ਼ਜ਼ ਦੀਆਂ ਲਾਗਬੁੱਕਸ ਤੋਂ ਇਲੈਕਟ੍ਰਾਨਿਕ ਡਿਵਾਇਸਾਂ ਵੱਲ 12-ਮਹੀਨਿਆਂ ਅੰਦਰ ਤਬਦੀਲੀ ਹੋ ਸਕੇ।’’
ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਿਨੀਸਟਰੇਟਰਸ ਨੇ ਸੀ.ਟੀ.ਏ. ਨੂੰ ਭਰੋਸਾ ਦਿੱਤਾ ਹੈ ਕਿ ਇਸ ਨੇ ਵਿਕਾਸਸ਼ੀਲ ਇਨਫ਼ੋਰਸਮੈਂਟ ਰਣਨੀਤੀ ਵਿਕਸਤ ਕਰਨ ਲਈ ਕਮੇਟੀ ਬਣਾ ਦਿੱਤੀ ਹੈ।
ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਸੀ.ਟੀ.ਏ. ਵਿਆਪਕ ਅਤੇ ਨਿਰਪੱਖ ਤਰੀਕੇ ਨਾਲ ਪ੍ਰੋਵਿੰਸਿਜ਼, ਟੈਰੀਟੋਰੀਜ਼ ਅਤੇ ਫ਼ੈਡਰਲ ਸਰਕਾਰ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਵਚਨਬੱਧ ਹੈ ਜਿਸ ਨਾਲ 12 ਮਹੀਨਿਆਂ ਦੇ ਸਮੇਂ ਅੰਦਰ ਫ਼ਰਮਾਨ ਪੂਰੀ ਤਰ੍ਹਾਂ ਲਾਗੂ ਹੋ ਜਾਵੇ। ਪੜਾਅਵਾਰ ਲਾਗੂ ਕਰਨ ਦੀ ਰਣਨੀਤੀ ਸਾਡੇ ਖੇਤਰ ਲਈ ਨਵੀਂ ਨਹੀਂ ਹੈ; ਹਾਲਾਂਕਿ ਸੀ.ਟੀ.ਏ. ਨੂੰ ਈ.ਐਲ.ਡੀ. ਪੂਰੀ ਤਰ੍ਹਾਂ ਲਾਗੂ ਕਰਨ ਦਾ ਸਮਾਂ 12 ਮਹੀਨਿਆਂ ਤੋਂ ਅੱਗੇ ਵਧਾਉਣ ਦਾ ਕੋਈ ਵਾਜਬ ਕਾਰਨ ਨਹੀਂ ਦਿਸਦਾ ਹੈ।’’
‘‘ਸਰਕਾਰ ਅਤੇ ਉਦਯੋਗ ਨੂੰ ਹਮਬੋਲਟਡ ਤਰਾਸਦੀ ਤੋਂ ਬਾਅਦ ਹਾਈਵੇ ਸੁਰੱਖਿਆ ਅਤੇ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਪ੍ਰਗਟਾ ਕੇ ਇਹ ਪੜਾਅਵਾਰ 12 ਮਹੀਨਿਆਂ ਦੀ ਪ੍ਰਕਿਰਿਆ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ।’’