ਕੈਨੇਡੀਅਨ ਉਪਕਰਨਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ, ਪਰ ਰਿਚੀ ਬ੍ਰਦਰਜ਼ ਵੱਲੋਂ ਜਾਰੀ ਪੁਰਾਣੇ ਉਪਕਰਨਾਂ ਦੇ ਮਾਰਕੀਟ ਰੁਝਾਨਾਂ ਬਾਰੇ ਰੀਪੋਰਟ ਅਨੁਸਾਰ ਇਹ ਵਾਧਾ ਓਨਾ ਨਹੀਂ ਹੈ ਜਿੰਨਾ ਅਮਰੀਕਾ ’ਚ ਵੇਖਣ ਨੂੰ ਮਿਲ ਰਿਹਾ ਹੈ।

ਫ਼ਾਈਲ ਫ਼ੋਟੋ : ਰਿਚੀ ਬ੍ਰਦਰਜ਼
ਨੀਲਾਮੀ ਘਰ ਅਨੁਸਾਰ ਫ਼ਰਵਰੀ ’ਚ ਖ਼ਤਮ ਹੋਏ ਤਿੰਨ ਮਹੀਨਿਆਂ ’ਚ ਕੈਨੇਡਾ ਦੇ ਪੁਰਾਣੇ ਟਰੱਕ ਟਰੈਕਟਰ ਦੀਆਂ ਕੀਮਤਾਂ ’ਚ ਪਿਛਲੇ ਸਾਲ ਦੇ ਇਸੇ ਸਮੇਂ ਮੁਕਾਬਲੇ 5% ਦਾ ਵਾਧਾ ਹੋਇਆ। ਪੁਰਾਣੇ ਵੋਕੇਸ਼ਨਲ ਟਰੱਕਾਂ ਦੀਆਂ ਕੀਮਤਾਂ ’ਚ ਥੋੜ੍ਹਾ ਜ਼ਿਆਦਾ ਵਾਧਾ ਹੋਇਆ, ਜੋ ਕਿ 6% ਰਿਹਾ।
ਪਰ ਅਮਰੀਕਾ ’ਚ ਟਰੱਕ ਟਰੈਕਟਰਾਂ ਦੀਆਂ ਕੀਮਤਾਂ 15% ਵਧੀਆ, ਜਦਕਿ ਵੋਕੇਸ਼ਨਲ ਟਰੱਕਾਂ ਦੀਆਂ ਕੀਮਤਾਂ ’ਚ 10% ਵਾਧਾ ਦਰਜ ਕੀਤਾ ਗਿਆ।
ਸੰਬੰਧਤ ਬਾਜ਼ਾਰ ਸਮੀਖਿਆ ’ਚ ਕੀਮਤਾਂ ਬਾਰੇ ਵਾਇਸ-ਪ੍ਰੈਜ਼ੀਡੈਂਟ ਡੱਗ ਓਲੀਵ ਨੇ ਕਿਹਾ, ‘‘2020 ’ਚ ਰਿਚੀ ਬ੍ਰਦਰਜ਼ ਨੇ 2019 ਤੋਂ 18% ਜ਼ਿਆਦਾ ਟਰੱਕ ਟਰੈਕਟਰ ਵੇਚੇ ਅਤੇ ਮੀਡੀਅਨ ਤਿਮਾਹੀ ਕੀਮਤ ਦੂਜੀ ਤਿਮਾਹੀ ਤੋਂ ਚੌਥੀ ਤਿਮਾਹੀ ਤਕ ਵੱਧ ਰਹੀ, ਜਿਸ ’ਚ ਮੰਗ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ।
‘‘2020 ਦੇ ਦਸੰਬਰ ਮਹੀਨੇ ’ਚ, ਆਉਣ ਵਾਲੇ ਈਵੈਂਟਸ ’ਚ ਟਰੱਕ ਟਰੈਕਟਰਾਂ ਦੀ ਵਾਚਲਿਸਟ ਦਸੰਬਰ 2019 ਤੋਂ ਤਿੰਨ ਗੁਣਾ ਰਹੀ। ਰਿਚੀ ਬ੍ਰਦਰਜ਼ ਨੂੰ ਫ਼ਲੈਟਬੈੱਡ ਟਰੱਕਾਂ, ਵੈਨ ਟਰੱਕਾਂ, ਅਤੇ ਵੈਨ ਟਰੇਲਰਾਂ ਲਈ ਵੀ ਰੀਕਾਰਡ ਗਿਣਤੀ ਅਤੇ ਕੀਮਤ ਵੇਖਣ ਨੂੰ ਮਿਲੀ – ਜਿਸ ’ਚੋਂ ਸਾਰੇ ‘ਲਾਸਟ ਮਾਈਲ ਟਰਾਂਸਪੋਰਟ’ ਰੁਝਾਨ ਨਾਲ ਜੁੜੇ ਹਨ ਜੋ ਕਿ ਪਿਛਲੇ ਸਾਲ ਕਈ ਗੁਣਾ ਵਧਿਆ।’’
ਅਮਰੀਕਾ ’ਚ ਨੀਲਾਮੀਕਰਤਾ ਨੇ 2020 ’ਚ 17,800 ਅਸਾਸਿਆਂ ਦੀ ਵਿਕਰੀ ਕੀਤੀ ਜੋ ਕਿ 2019 ’ਚ 15,000 ਰਹੀ ਸੀ।
ਪੁਰਾਣੇ ਹੈਵੀ ਉਪਕਰਨਾਂ ਦੀਆਂ ਕੀਮਤਾਂ ’ਚ ਫ਼ਰਵਰੀ 2020 ’ਚ ਖ਼ਤਮ ਹੋਏ ਤਿੰਨ ਮਹੀਨਿਆਂ ਦੌਰਾਨ 4% ਦਾ ਵਾਧਾ ਦਰਜ ਕੀਤਾ ਗਿਆ। ਪੁਰਾਣੀ ਲਿਫ਼ਟ ਅਤੇ ਮਟੀਰੀਅਲ ਹੈਂਡਲਿੰਗ ਉਪਕਰਨ ਦੀਆਂ ਕੀਮਤਾਂ ’ਚ ਇਸੇ ਪ੍ਰਤੀਸ਼ਤਤਾ ਦਾ ਵਾਧਾ ਦਰਜ ਕੀਤਾ ਗਿਆ।
ਅਮਰੀਕਾ ’ਚ ਹੈਵੀ ਉਪਕਰਨਾਂ ਦੀਆਂ ਕੀਮਤਾਂ 5% ਵਧੀਆਂ, ਜਦਕਿ ਲਿਫ਼ਟ ਅਤੇ ਮਟੀਰੀਅਲ ਹੈਂਡਲਿੰਗ ਉਪਕਰਨਾਂ ਦੀਆਂ ਕੀਮਤਾਂ 9% ਵਧੀਆਂ।