ਗੁੱਡਯੀਅਰ ਟਾਇਰ ਅਤੇ ਰਬੜ ਕੰਪਨੀ ਕੂਪਰ ਟਾਇਰ ਅਤੇ ਰਬੜ ਕੰਪਨੀ ਨੂੰ 2.8 ਬਿਲੀਅਨ ਡਾਲਰ ‘ਚ ਖ਼ਰੀਦਣ ਜਾ ਰਹੀ ਹੈ।
ਕੂਪਰ ਉੱਤਰੀ ਅਮਰੀਕਾ ਦਾ ਪੰਜਵਾਂ ਸਭ ਤੋਂ ਵੱਡਾ ਟਾਇਰ ਨਿਰਮਾਤਾ ਹੈ ਅਤੇ ਇਸ ਦੇ 15 ਦੇਸ਼ਾਂ ‘ਚ 10,000 ਮੁਲਾਜ਼ਮ ਹਨ। ਇਸ ਕੋਲ ਦੁਨੀਆਂ ਭਰ ‘ਚ 10 ਨਿਰਮਾਣ ਸਹੂਲਤਾਂ ਹਨ।
ਅੱਜ ਸਵੇਰੇ ਐਲਾਨ ਕੀਤੇ ਗਏ ਇਸ ਸੌਦੇ ਨੂੰ ਦੋਹਾਂ ਕੰਪਨੀਆਂ ਦੇ ਬੋਰਡ ਆਫ਼ ਡਾਇਰੈਕਟਰਾਂ ਨੇ ਮਨਜ਼ੂਰੀ ਦੇ ਦਿੱਤੀ।

2.8 ਬਿਲੀਅਨ ਅਮਰੀਕੀ ਡਾਲਰਾਂ ਦੇ ਸੌਦੇ ਨਾਲ ਗੁੱਡਯੀਅਰ ਉੱਤਰੀ ਅਮਰੀਕਾ ਦੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਨੂੰ ਖ਼ਰੀਦ ਲਵੇਗਾ ਅਤੇ ਚੀਨ ‘ਚ ਆਪਣੀ ਮੌਜੂਦਗੀ ਦਾ ਵਿਸਤਾਰ ਕਰੇਗਾ। (ਤਸਵੀਰ: ਗੁੱਡਯੀਅਰ)
ਗੁੱਡਯੀਅਰ ਸ਼ੇਅਰਧਾਰਕਾਂ ਕੋਲ ਸੰਯੁਕਤ ਕੰਪਨੀ ਦਾ 84% ਹਿੱਸਾ ਹੋਵੇਗਾ, ਜਦਕਿ ਕੂਪਰ ਸ਼ੇਅਰਧਾਰਕਾਂ ਕੋਲ 16% ਮਲਕੀਅਤ ਹੋਵੇਗੀ। ਇਹ ਸੌਦਾ ਇਸ ਸਾਲ ਦੇ ਦੂਜੇ ਅੱਧ ‘ਚ ਰੈਗੂਲੇਟਰੀ ਅਤੇ ਕੂਪਰ ਸ਼ੇਅਰਧਾਰਕਾਂ ਦੀਆਂ ਮਨਜ਼ੂਰੀਆਂ ਤੋਂ ਬਾਅਦ ਮੁਕੰਮਲ ਹੋ ਜਾਵੇਗਾ।
ਗੁੱਡਯੀਅਰ ਦੇ ਚੇਅਰਮੈਨ, ਸੀ.ਈ.ਓ. ਅਤੇ ਪ੍ਰੈਜ਼ੀਡੈਂਟ ਰਿਚਰਡ ਜੇ ਕਰੇਮਰ ਨੇ ਇਸ ਮੌਕੇ ਕਿਹਾ, ”ਇਹ ਦੋਹਾਂ ਕੰਪਨੀਆਂ ਲਈ ਬਹੁਤ ਉਤਸ਼ਾਹਜਨਕ ਅਤੇ ਬਦਲਾਅ ਭਰਿਆ ਦਿਨ ਹੈ।”
ਕੂਪਰ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਬਰੈਡ ਹਿਊਗਸ ਨੇ ਕਿਹਾ, ”ਇਹ ਸੌਦਾ ਕੂਪਰ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗਾ, ਜਿਸ ‘ਚ ਅਸੀਂ ਇੱਕ ਮਜ਼ਬੂਤ ਸਥਿਤੀ ‘ਚੋਂ ਜਾ ਰਹੇ ਹਾਂ। ਅਸੀਂ ਕੂਪਰ ਅਤੇ ਗੁੱਡਯੀਅਰ ‘ਚ ਮੌਜੂਦ ਹੁਨਰਮੰਦ ਲੋਕਾਂ ਦੇ ਮਿਲਣ ਅਤੇ ਵੱਡੇ ਤੇ ਮਜ਼ਬੂਤ ਸੰਗਠਨ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ ਜੋ ਕਿ ਕੌਮਾਂਤਰੀ ਟਾਇਰ ਉਦਯੋਗ ‘ਚ ਮੁਕਾਬਲੇਬਾਜ਼ੀ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰ ਸਕੇਗਾ।”
ਇਸ ਸੌਦੇ ਨਾਲ ਗੁੱਡਯੀਅਰ ਦੀ ਚੀਨ ‘ਚ ਮੌਜੂਦਗੀ ਲਗਭਗ ਦੁੱਗਣੀ ਹੋ ਜਾਵੇਗੀ, ਜਦਕਿ ਕੂਪਰ ਦੇ ਰਿਪਲੇਸਮੈਂਟ ਟਾਇਰ ਗੁੱਡਯੀਅਰ ਦੇ 2,500 ਰੀਟੇਲ ਸਟੋਰਾਂ ਰਾਹੀਂ ਮਿਲਣਗੇ। ਕੰਪਨੀ ਨੇ ਕਿਹਾ ਕਿ ਕੂਪਰ ਵਿਸ਼ੇਸ਼ ਤੌਰ ‘ਤੇ ਹਲਕੇ ਟਰੱਕਾਂ ਅਤੇ ਐਸ.ਯੂ.ਵੀ. ਸੈਗਮੈਂਟ ‘ਚ ਮਜ਼ਬੂਤ ਹੈ।
ਭਾਵੇਂ ਸੰਯੁਕਤ ਕੰਪਨੀ ਦਾ ਹੈੱਡਕੁਆਰਟਰ ਐਕਰੋਨ, ਓਹਾਇਓ ‘ਚ ਹੋਵੇਗਾ, ਪਰ ਗੁੱਡਯੀਅਰ ਨੇ ਕਿਹਾ ਕਿ ਉਸ ਦੀ ਫ਼ਿੰਡਲੇ, ਓਹੀਓ ‘ਚ ਵੀ ਮੌਜੂਦ ਰਹਿਣ ਦੀ ਯੋਜਨਾ ਹੈ।
ਦੋਹਾਂ ਕਾਰੋਬਾਰਾਂ ਦੀ 2019 ‘ਚ ਕੁੱਲ ਮਿਲਾ ਕੇ ਵਿਕਰੀ 17.5 ਬਿਲੀਅਨ ਡਾਲਰ ਰਹੀ।