ਇਸੁਜ਼ੂ ਕਮਰਸ਼ੀਅਲ ਟਰੱਕ ਹੋਰ ਭਾਰੇ ਕੰਮਾਂ ‘ਚ ਕਦਮ ਰੱਖ ਰਹੇ ਹਨ, ਅਤੇ ਕਲਾਸ 6 ਤੇ 7 ਵਾਲੇ ਟਰੱਕਾਂ ਦੇ ਕੰਮਾਂ ਲਈ ਇਸ ਨੇ ਕਮਿੰਸ ਡੀਜ਼ਲ ਇੰਜਣ ਦਾ ਪ੍ਰਯੋਗ ਕੀਤਾ ਹੈ।
ਇਸ ਓ.ਈ.ਐਮ. ਦਾ ਐਫ਼. ਸੀਰੀਜ਼ ਲੋਅ ਕੈਬ ਫ਼ਾਰਵਾਰਡ ਟਰੱਕ ਹੁਣ ਵਿਸ਼ੇਸ਼ ਤੌਰ ‘ਤੇ ਛੇ-ਸਿਲੰਡਰ ਕਮਿੰਸ B6.7 ਇੰਜਣ ਨਾਲ ਮਿਲੇਗਾ ਜੋ ਕਿ 260 ਐਚ.ਪੀ. ਅਤੇ 660 ਪਾਊਂਡ-ਫ਼ੁੱਟ ਦੀ ਟੋਰਕ ਦਿੰਦਾ ਹੈ।

ਇਸੁਜ਼ੂ ਕਮਰਸ਼ੀਅਲ ਟਰੱਕ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ ਸ਼ੌਨ ਸਕਿਨਰ (ਖੱਬੇ ਪਾਸੇ) ਕਮਿੰਸ ਉੱਤਰੀ ਅਮਰੀਕੀ ਟਰੱਕ ਓ.ਈ.ਐਮ. ਕਾਰੋਬਾਰ ਦੇ ਕਾਰਜਕਾਰੀ ਡਾਇਰੈਕਟਰ ਰੌਬ ਨੀਤਕੇ ਨਾਲ ਨਵੀਂ ਭਾਈਵਾਲੀ ਬਾਰੇ ਚਰਚਾ ਕਰਦੇ ਹੋਏ। (ਸਕ੍ਰੀਨ ਕੈਪਚਰ)
ਇਸੁਜ਼ੂ ਕਮਰਸ਼ੀਅਲ ਟਰੱਕਸ ਆਫ਼ ਕੈਨੇਡਾ ਅਤੇ ਇਸੁਜ਼ੂ ਕਮਰਸ਼ੀਅਲ ਟਰੱਕਸ ਆਫ਼ ਅਮਰੀਕਾ ਦੇ ਪ੍ਰੈਜ਼ੀਡੈਂਟ ਸ਼ੌਨ ਸਕਿਨਰ ਨੇ ਟੂਡੇਜ਼ ਟਰੱਕਿੰਗ ਵੱਲੋਂ ਕੀਤੇ ਇੱਕ ਸਵਾਲ ਦੇ ਜਵਾਬ ‘ਚ ਕਿਹਾ, ”ਚਾਰ-ਸਿਲੰਡਰ (ਗੈਸੋਲੀਨ) ਇੰਜਣ ਨਾਲ ਸ਼੍ਰੇਣੀ 7 ‘ਚ ਵਿਸਤਾਰ ਕਰਨ ਦੀ ਕੋਸ਼ਿਸ਼ ਕਰਨਾ ਸੱਚਮੁੱਚ ਅਸੰਭਵ ਵਾਂਗ ਹੁੰਦਾ। ਹੁਣ ਇਸ ਨੇ ਲਗਭਗ ਸਾਰੇ ਸ਼੍ਰੇਣੀ 6 ਅਤੇ 7 ਵਾਤਾਵਰਣ ਨੂੰ ਖੋਲ੍ਹ ਦਿੱਤਾ ਹੈ।”
ਕਲਾਸ 7 ‘ਚ, ਇਸ ਦਾ ਮਤਲਬ ਹੈ ਖਾਣ ਤੇ ਪੀਣਯੋਗ ਪਦਾਰਥਾਂ ਅਤੇ ਗਲੀਆਂ ਦੀ ਸਫ਼ਾਈ ਬਾਰੇ ਅਮਲਾਂ ਦੇ ਖੇਤਰ ‘ਚ ਜ਼ਿਆਦਾ ਮੌਕੇ ਪ੍ਰਾਪਤ ਹੋਣਗੇ। ਪਰ ਇਹ ਹੋਰ ਮੀਡੀਅਮ ਡਿਊਟੀ ਅਮਲਾਂ ‘ਚ ਵੀ ਕੰਮ ਕਰਦਾ ਹੈ ਜੋ ਕਿ ਸਿੱਧੇ ਤੌਰ ‘ਤੇ ਈ-ਕਾਮਰਸ ਸਰਗਰਮੀਆਂ ਨਾਲ ਜੁੜੇ ਹੋਏ ਹਨ।
ਸਕਿਨਰ ਨੇ ਕਿਹਾ, ”ਅਜਿਹੇ ਬਹੁਤੇ ਲੋਕ ਨਹੀਂ ਹੋਣਗੇ ਜੋ ਸਾਡੇ ਟਰੱਕ ਨੂੰ ਘੱਟ ਤਾਕਤਵਰ ਕਹਿਣਗੇ।”
ਕੌਮਾਂਤਰੀ ਦਿਲਚਸਪੀ
ਇਸੁਜ਼ੂ ਅਤੇ ਕਮਿੰਸ ਸਾਫ਼ ਤੌਰ ‘ਤੇ ਸਿਰਫ਼ ਉੱਤਰੀ ਅਮਰੀਕੀ ਬਾਜ਼ਾਰ ਵੱਲ ਧਿਆਨ ਨਹੀਂ ਦੇ ਰਹੇ ਹਨ। ਸਕਿਨਰ ਨੇ ਇਸ ਨੂੰ ਦੋਹਾਂ ਕੰਪਨੀਆਂ ਵਿਚਕਾਰ ਪਾਵਰਟਰੇਨ ਭਾਈਵਾਲੀ ਤੋਂ ਨਿਕਲੇ ਸਿਰਫ਼ ਪਹਿਲੇ ਉਤਪਾਦ ਵਜੋਂ ਦੱਸਿਆ ਹੈ।
ਕਮਿੰਸ ਅਤੇ ਇਸੁਜ਼ੂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਇੰਜਣ ਨੂੰ ਇਸੁਜ਼ੂ ਦੇ ਚੈਸਿਸ ‘ਚ ਏਕੀਕ੍ਰਿਤ ਕਰਨਾ ਚਾਹੁੰਦੇ ਹਨ ਤਾਂ ਕਿ ਜਾਪਾਨੀ ਉਤਸਰਜਨ ਨਿਯਮਾਂ ਦੀ ਪਾਲਣਾ ਹੋ ਸਕੇ। ਉਨ੍ਹਾਂ ਨੇ ਇੱਕ ਉੱਨਤ ਤਕਨਾਲੋਜੀ ਸਮਝੌਤਾ ਵੀ ਕੀਤਾ ਹੈ ਜੋ ਕਿ ਪਾਵਰਟਰੇਨ ਤਕਨਾਲੋਜੀ ‘ਚ ਸਾਂਝੀ ਖੋਜ ਬਾਰੇ ਹੈ – ਇਲੈਕਟ੍ਰਿਕ ਵਿਕਲਪਾਂ ਸਮੇਤ।
ਕਮਿੰਸ ਦੇ ਉੱਤਰੀ ਅਮਰੀਕੀ ਟਰੱਕ ਓ.ਈ.ਐਮ. ਕਾਰੋਬਾਰ ਦੇ ਕਾਰਜਕਾਰੀ ਡਾਇਰੈਕਟਰ ਰੋਬ ਨੀਤਕੇ ਨੇ ਕਿਹਾ ਕਿ ਕਮਿੰਸ ਬੀ ਸੀਰੀਜ਼ ਡੀਜ਼ਲ ਇੰਜਣ ਨੇ ਖ਼ੁਦ ਨੂੰ 40 ਸਾਲਾਂ ਦੀ ਸਰਵਿਸ ਦੌਰਾਨ ਸਾਬਤ ਕੀਤਾ ਹੋਇਆ ਹੈ। ਅਤੇ ਇਨ੍ਹਾਂ ਤੋਂ ਖੇਤੀਬਾੜੀ, ਖੁਦਾਈ ਅਤੇ ਉਸਾਰੀ ਸਮੇਤ ਕਈ ਖੇਤਰਾਂ ‘ਚ ਕੰਮ ਲਿਆ ਗਿਆ ਹੈ।
ਸ਼੍ਰੇਣੀ 6 ਐਫ਼.ਟੀ.ਆਰ. ਗੱਡੀ ਦੇ ਕੁੱਲ ਭਾਰ ਦੀ ਰੇਟਿੰਗ 25,950-ਪਾਊਂਡ ਹੋਵੇਗੀ, ਜਦਕਿ ਸ਼੍ਰੇਣੀ 7 ਐਫ਼.ਵੀ.ਆਰ. 33,000-ਪਾਊਂਡ ਖੇਤਰ ‘ਚ ਕਦਮ ਰੱਖੇਗਾ। ਗ੍ਰਾਹਕਾਂ ਕੋਲ ਇੱਕ ਐਫ਼.ਵੀ.ਆਰ. ਨੂੰ ਕਲਾਸ 6 ‘ਚ ਡੀਰੇਟਿੰਗ ਕਰਨ ਦਾ ਵਿਕਲਪ ਵੀ ਹੋਵੇਗਾ।
ਇੰਜਣ ਨੂੰ ਇੱਕ ਐਲੀਸਨ 2500 ਆਰ.ਡੀ.ਐਸ. ਟਰਾਂਸਮਿਸ਼ਨ ‘ਚ ਲਾਇਆ ਜਾਵੇਗਾ।
ਟਰੱਕ ਖ਼ੁਦ ਅੱਠ ਵ੍ਹੀਲਬੇਸ ‘ਚ ਆਵੇਗਾ, ਜੋ ਕਿ 152 ਤੋਂ 248-ਇੰਚ ਬੀ.ਬੀ.ਸੀ. ‘ਚ ਹੋਣਗੇ, ਅਤੇ ਇਨ੍ਹਾਂ ‘ਚ ਕੁੱਝ ਸਭ ਤੋਂ ਵੱਡੀਆਂ ਬਾਡੀਜ਼ ਸ਼ਾਮਲ ਹੋਣਗੀਆਂ ਜੋ ਕਿ ਇੱਕ ਮੀਡੀਅਮ-ਡਿਊਟੀ ਟਰੱਕ ‘ਚ ਫ਼ਿੱਟ ਹੋ ਸਕਦੀਆਂ ਹਨ। ਸਟਾਈਲਿੰਗ-ਸੰਬੰਧਤ ਅਪਗ੍ਰੇਡ ‘ਚ ਸ਼ਾਮਲ ਹਨ ਨਵੀਂਆਂ ਗਰਿੱਲ ਅਤੇ ਐਲ.ਈ.ਡੀ. ਹੈੱਡਲੈਂਪ।
ਹੋਰ ਵਿਕਲਪਾਂ ‘ਤੇ ਕੰਮ ਜਾਰੀ
ਕਈ ਵਿਕਲਪਾਂ ‘ਤੇ ਕੰਮ ਜਾਰੀ ਹੋ ਸਕਦਾ ਹੈ।
ਸਕਿਨਰ ਨੇ ਕਿਹਾ ਕਿ ਕੰਪਨੀ ਭਵਿੱਖ ‘ਚ ਖੜ੍ਹਵੇਂ ਐਗਜ਼ਾਸਟ ਅਤੇ ਐਲੀਸਨ 3000 ਲੜੀ ਦੇ ਟਰਾਂਸਮਿਸ਼ਨ ਵਿਕਲਪ ਬਾਰੇ ਵੀ ਕੰਮ ਕਰ ਰਹੀ ਹੈ, ਹਾਲਾਂਕਿ ਇਹ ਅਜੇ ਮੁਹੱਈਆ ਨਹੀਂ ਹਨ। ਪਹਿਲੇ ਟਰੱਕ ਵਿਸ਼ੇਸ਼ ਕਰ ਕੇ ਏਅਰ ਬ੍ਰੇਕਾਂ ਨਾਲ ਮਿਲਣਗੇ।
ਇਹ ਖ਼ਬਰ ਇਸ ਖ਼ਬਰ ਤੋਂ ਬਾਅਦ ਆਈ ਹੈ ਕਿ ਇਸੁਜ਼ੂ ਨੇ ਆਪਣੇ ਸ਼੍ਰੇਣੀ 5 ਗੈਸੋਲੀਨ-ਨਾਲ ਚੱਲਣ ਵਾਲੇ ਐਨ.ਕਿਊ.ਆਰ. ਅਤੇ ਐਨ.ਆਰ.ਆਰ. ਇਕਾਈਆਂ ਦੇ ਟਰੱਕਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਦੋਵੇਂ 6.0-ਲਿਟਰ V8 ਨਾਲ ਆਉਣਗੇ। ਇਸੁਜ਼ੂ ਨੇ ਕਿਹਾ ਕਿ ਇਸ ਨਾਲ ਐਨ.ਆਰ.ਆਰ. ਪਹਿਲਾ 19,500-ਪਾਊਂਡ ਜੀ.ਵੀ.ਡਬਲਿਊ.ਆਰ. ਲੋਅ ਕੈਬ ਫ਼ਾਰਵਰਡ ਬਣ ਜਾਵੇਗਾ ਜੋ ਕਿ ਗੈਸੋਲੀਨ ਵਿਕਲਪ ਨਾਲ ਮਿਲੇਗਾ।
ਸਕਿਨਰ ਨੇ ਕਿਹਾ ਕਿ ਇਹ ਓ.ਈ.ਐਮ. 1986 ਤੋਂ ਲੈ ਕੇ ਅਮਰੀਕੀ ਅਤੇ ਕੈਨੇਡੀਆਈ ਦੋਹਾਂ ਬਾਜ਼ਾਰਾਂ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਲੋਅ-ਕੈਬ-ਫ਼ਾਰਵਾਰਡ ਟਰੱਕ ਹੈ।
ਉਤਪਾਦਨ ਇਸ ਸਾਲ ਦੀ ਤੀਜੀ ਤਿਮਾਹੀ ‘ਚ ਸ਼ੁਰੂ ਹੋ ਰਿਹਾ ਹੈ, ਅਤੇ ਡਿਲੀਵਰੀਆਂ ਚੌਥੀ ਤਿਮਾਹੀ ‘ਚ ਸ਼ੁਰੂ ਹੋ ਜਾਣਗੀਆਂ। ਮੌਜੂਦਾ ਐਫ਼.ਟੀ.ਆਰ. ਅਤੇ 2021 ਮਾਡਲ ਵਰ੍ਹਾ ਇਕਾਈਆਂ ਦੀ ਉਸਾਰੀ ਮਾਰਚ ਦੇ ਅੰਤ ਤਕ ਹੁੰਦੀ ਰਹੇਗੀ।